ਬੁੱਧਵਾਰ 09 ਅਕਤੂਬਰ 2019 (23 ਅੱਸੂ ਸੰਮਤ 551 ਨਾਨਕਸ਼ਾਹੀ)    

ਦੇਵਗੰਧਾਰੀ ਮਹਲਾ ੫ ॥ ਹਰਿ ਪ੍ਰਾਨ ਪ੍ਰਭੂ ਸੁਖਦਾਤੇ ॥ ਗੁਰ ਪ੍ਰਸਾਦਿ ਕਾਹੂ ਜਾਤੇ ॥੧॥ ਰਹਾਉ ॥ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥ ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥੧॥ ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥ ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥੨॥੮॥ {ਅੰਗ 529}

ਪਦਅਰਥ: ਪ੍ਰਾਨ ਦਾਤੇ = ਹੇ ਜਿੰਦ ਦੇਣ ਵਾਲੇ! ਸੁਖਦਾਤੇ = ਹੇ ਸੁਖ ਦੇਣ ਵਾਲੇ! ਪ੍ਰਸਾਦਿ = ਕਿਰਪਾ ਨਾਲ। ਕਾਹੂ = ਕਿਸੇ ਵਿਰਲੇ ਨੇ। ਜਾਤੇ = ਤੇਰੇ ਨਾਲ ਡੂੰਘੀ ਸਾਂਝ ਪਾਈ।੧।ਰਹਾਉ।

ਪ੍ਰੀਤਮ = ਹੇ ਪ੍ਰੀਤਮ! ਕਾਲ = ਆਤਮਕ ਮੌਤ। ਨਾ ਖਾਤੇ = ਨਹੀਂ ਖਾ ਜਾਂਦੀ। ਰੰਗਿ = ਪ੍ਰੇਮ = ਰੰਗ ਵਿਚ। ਲਾਲ = ਚਾ = ਭਰੇ। ਰਸਿ = ਰਸ ਵਿਚ। ਮਾਤੇ = ਮਸਤ।੧।

ਕਿਲਬਿਖ = ਪਾਪ। ਕੋਟਿ = ਕ੍ਰੋੜਾਂ। ਦੋਖ = ਐਬ। ਪ੍ਰਭ = ਹੇ ਪ੍ਰਭੂ! ਦ੍ਰਿਸਟਿ = ਨਿਗਾਹ। ਹਾਤੇ = ਨਾਸ ਹੋ ਜਾਂਦੇ ਹਨ, ਹਤੇ ਜਾਂਦੇ ਹਨ। ਪਰਾਤੇ = ਪੈਂਦੇ ਹਨ।੨।

ਅਰਥ: ਹੇ ਜਿੰਦ ਦੇਣ ਵਾਲੇ ਹਰੀ! ਹੇ ਸੁਖ ਦੇਣ ਵਾਲੇ ਪ੍ਰਭੂ! ਕਿਸੇ ਵਿਰਲੇ ਮਨੁੱਖ ਨੇ ਗੁਰੂ ਦੀ ਕਿਰਪਾ ਦੀ ਰਾਹੀਂ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।੧।ਰਹਾਉ।

ਹੇ ਪ੍ਰੀਤਮ ਪ੍ਰਭੂ! ਜੇਹੜੇ ਤੇਰੇ ਸੰਤ ਤੇਰੇ ਹੀ ਬਣੇ ਰਹਿੰਦੇ ਹਨ, ਆਤਮਕ ਮੌਤ ਉਹਨਾਂ ਦੇ ਸੁੱਚੇ ਜੀਵਨ ਨੂੰ ਮੁਕਾ ਨਹੀਂ ਸਕਦੀ। ਹੇ ਪ੍ਰਭੂ! ਉਹ ਤੇਰੇ ਸੰਤ ਤੇਰੇ ਪ੍ਰੇਮ-ਰੰਗ ਵਿਚ ਲਾਲ ਹੋਏ ਰਹਿੰਦੇ ਹਨ, ਉਹ ਤੇਰੇ ਨਾਮ-ਰਸ ਵਿਚ ਮਸਤ ਰਹਿੰਦੇ ਹਨ।੧।

ਹੇ ਪ੍ਰਭੂ! ਜੀਵਾਂ ਦੇ ਕੀਤੇ ਹੋਏ) ਵੱਡੇ ਵੱਡੇ ਪਾਪ, ਕ੍ਰੋੜਾਂ ਐਬ ਤੇ ਰੋਗ ਤੇਰੀ ਮੇਹਰ ਦੀ ਨਿਗਾਹ ਨਾਲ ਨਾਸ ਹੋ ਜਾਂਦੇ ਹਨ।

ਹੇ ਨਾਨਕ! ਆਖ-) ਜੇਹੜੇ ਮਨੁੱਖ ਗੁਰੂ ਦੀ ਚਰਨੀਂ ਆ ਪੈਂਦੇ ਹਨ ਉਹ ਸੁੱਤਿਆਂ ਜਾਗਦਿਆਂ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦੇ ਰਹਿੰਦੇ ਹਨ।੨।੮।